Monday, January 23, 2012

ਰਸ ਚੂਸਕ ਕੀਟ - ਤੇਲਾ

ਕੀਟਾਂ ਬਾਰੇ ਗੱਲ ਕਰਨ ਤੇ ਕਿਸਾਨ ਦੇ ਮਨ ਵਿੱਚ ਜੋ ਪਹਿਲੀ ਗੱਲ ਆਉਂਦੀ ਹੈ, ਉਹ ਹੈ ਕੀਟਨਾਸ਼ਕ ਜ਼ਹਿਰਾਂ ਨੂੰ ਛਿੜਕ ਕੇ ਇਹਨਾਂ ਕੀਟਾਂ ਨੂੰ ਖ਼ਤਮ ਕਰਨ ਦੀ। ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿੱਚ ਕੀਟਾਂ ਲਈ ਕੋਈ ਵੈਰ-ਵਿਰੋਧ ਨਹੀ ਸੀ, ਫਿਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਕਿਸਾਨ ਅਤੇ ਕੀਟਾਂ ਵਿਚਕਾਰ ਜੰਗ ਛਿੜ ਗਈ। ਕਿਸਾਨ ਹੱਥ ਧੋ ਕੇ ਇਹਨਾਂ ਕੀਟਾਂ ਮਗਰ ਪੈ ਗਿਆ ਪਰ ਇਹ ਕੀਟ ਫਿਰ ਵੀ ਕਿਸਾਨ ਤੋਂ ਕਾਬੂ ਨਾ ਆਏ। ਇਹਨਾਂ ਕੀਟਾਂ ਤੋਂ ਜੇ ਕਿਸਾਨ ਨੇ ਜੰਗ ਜਿੱਤਣੀ ਹੈ ਤਾਂ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ ਅਤੇ ਆਪਣਾ ਨਜ਼ਰੀਆ ਵੀ ਬਦਲਣਾ ਪਏਗਾ। ਪ੍ਰਕ੍ਰਿਤੀ ਨੇ ਇਹਨਾਂ ਨੂੰ ਕਿਸਾਨ ਦਾ ਦੁਸ਼ਮਣ ਨਹੀਂ ਬਣਾਇਆ ਬਲਕਿ ਇਹ ਤਾਂ ਬਾਕੀਆਂ ਵਾਂਗ ਹੀ ਪ੍ਰਕ੍ਰਿਤੀ ਦੁਆਰਾ ਦਿੱਤਾ ਕੰਮ ਹੀ ਕਰ ਰਹੇ ਨੇ। ਕੁੱਝ ਕੀਟਾਂ ਦਾ ਸ਼ਾਕਾਹਾਰੀ ਸੁਭਾਅ ਇਹਨਾਂ ਨੂੰ ਸਾਡਾ ਦੁਸ਼ਮਣ ਬਣਾਉਦਾ ਹੈ ਅਤੇ ਦੂਜੇ ਪਾਸੇ ਕੁੱਝ ਕੀਟਾਂ ਦਾ ਮਾਂਸਾਹਾਰੀ ਸੁਭਾਅ ਉਹਨਾਂ ਨੂੰ ਸਾਡਾ ਮਿੱਤਰ ਬਣਾਉਂਦਾ ਹੈ।

              ਇਹ ਕੀਟ ਧਰਤੀ ਉੱਪਰ ਲਗਭਗ 33 ਕਰੋੜ ਸਾਲ ਪਹਿਲਾਂ ਆਏ ਜਦਕਿ ਕਿਸਾਨ ਸਿਰਫ਼ 10 ਲੱਖ ਸਾਲ ਪਹਿਲਾਂ ਇਸ ਧਰਤੀ ਉੱਤੇ ਆਇਆ। ਇਹਨਾਂ ਕੀਟਾਂ ਨੇ ਅੱਗ ਦੇ, ਬਰਫ਼ ਦੇ ਯੁੱਗ ਵੇਖੇ ਅਤੇ ਇਹਨਾਂ ਯੁੱਗਾ ਨੂੰ ਪਾਰ ਕਰਦੇ ਹੋਏ ਅੱਜ ਤੱਕ ਜੀਵਿਤ ਹਨ। ਤਾਂ ਫਿਰ ਕਿਸਾਨ ਕਿਵੇਂ ਇਹਨਾਂ ਦਾ ਵੰਸ਼-ਨਾਸ਼ ਕਰ ਸਕਦਾ ਹੈ। ਮਨੁੱਖ ਦੀ ਤਰਾਂ  ਇਹ ਕੀਟ ਵੀ ਆਪਣਾ ਵੰਸ਼ ਚਲਦਾ ਦੇਖਣਾ ਚਾਹੁੰਦੇ ਹਨ ਅਤੇ ਉਸ ਲਈ ਹਰ ਸੰਭਵ ਯਤਨ ਵੀ ਕਰਦੇ ਹਨ। ਉਦਾਹਰਣ ਲਈ ਅਮਰੀਕਨ ਸੁੰਡੀ ਨੂੰ ਕੰਟਰੋਲ ਕਰਨ ਲਈ ਕਿਸਾਨ ਕੀਟਨਾਸ਼ਕ ਖੇਤਾਂ ਵਿੱਚ ਛਿੜਕਦਾ ਹੈ ਪਰ ਅਮਰੀਕਨ ਸੁੰਡੀ ਆਪਣੇ ਸਾਰੇ ਅੰਡੇ ਇੱਕ ਜਗਾਂ  ਨਹੀ ਦਿੰਦੀ। ਉਹ ਕੁੱਝ ਅੰਡੇ ਖੇਤ ਵਿੱਚ, ਕੁੱਝ ਨਦੀਨਾਂ ਤੇ ਅਤੇ ਕੁੱਝ ਖੇਤ ਤੋ ਬਾਹਰ ਦਿੰਦੀ ਹੈ। ਜਿਸ ਕਰਕੇ ਕਿਸਾਨ ਚਾਹ ਕੇ ਵੀ ਪੂਰੀ ਤਰਾਂ ਅਮਰੀਕਨ ਸੁੰਡੀ ਨੂੰ ਖ਼ਤਮ ਨਹੀਂ ਕਰ ਪਾਉਂਦੇ।
ਅੱਜ ਹਰ ਕੰਪਨੀ ਨਵੇਂ ਤੋ ਨਵੇਂ ਕੀਟਨਾਸ਼ਕ ਨਾਲ ਇਹਨਾਂ ਕੀਟਾ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ, ਪਰ ਜ਼ਰਾ ਸੋਚੋ ਕਿ ਜੇ ਇੰਝ ਹੋ ਸਕਦਾ ਤਾਂ ਅੱਜ ਚਾਲੀ ਸਾਲਾਂ ਵਿੱਚ ਇਹਨਾਂ ਕੀਟਾ ਦਾ ਨਾਮੋ-ਨਿਸ਼ਾਨ ਵੀ ਨਹੀ ਰਹਿਣਾ ਚਾਹੀਦਾ ਸੀ, ਪਰ ਇੰਝ ਨਹੀ ਹੋਇਆ ਅਤੇ ਕਿਸਾਨ ਹਰ ਵਾਰ ਇਹਨਾਂ ਕੀਟਾਂ ਨੂੰ ਕੰਟਰੋਲ ਕਰਨ ਦੇ ਨਾਮ ਉੱਤੇ ਇਹਨਾਂ ਕੰਪਨੀਆਂ ਵੱਲੋਂ ਲੁੱਟਿਆ ਗਿਆ। ਸੋ ਇਹਨਾਂ ਕੀਟਾ ਨਾਲ ਆਪਣੀ ਜੰਗ ਵਿੱਚ ਕਿਸਾਨ ਅੱਜ ਤੱਕ ਇਹਨਾਂ ਕੀਟਨਾਸ਼ਕ ਜ਼ਹਿਰਾਂ ਦੇ ਸਿਰ ਉੱਤੇ ਨਹੀ ਜਿੱਤ ਪਾਇਆ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਜਿੱਤ ਸਕੇਗਾ।
                ਇਹ ਸਭ ਪੜ੍ਹਨ ਤੋਂ ਬਾਅਦ ਕਿਸਾਨਾਂ ਦੇ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਜੇ ਕੀਟਨਾਸ਼ਕ ਜ਼ਹਿਰਾਂ ਨਹੀ ਵਰਤਣੀਆਂ ਤਾਂ ਇਹਨਾਂ ਨੂੰ ਕਾਬੂ ਕਿਵੇਂ ਕੀਤਾ ਜਾਵੇ। ਇਸ ਸਵਾਲ ਦਾ ਜਵਾਬ ਹੈ - ਕੀਟਾਂ ਨੂੰ ਜਾਣ-ਸਮਝ ਕੇ।  ਜਿਵੇਂ ਕਿਸੇ ਦੁਸ਼ਮਣ ਨਾਲ ਜੰਗ ਜਿੱਤਣ ਲਈ ਉਸ ਦੀ ਤਾਕਤ, ਉਸਦੀ ਕਮਜ਼ੋਰੀ ਅਤੇ ਉਸਦੇ ਭੇਦਾ ਬਾਰੇ ਪਤਾ ਹੋਣਾ ਜ਼ਰੂਰੀ ਹੈ, ਠੀਕ ਇਸੇਂ ਤਰਾਂ ਸਾਨੂੰ ਕੀਟਾ ਨਾਲ ਆਪਣੀ ਜੰਗ ਜਿੱਤਣ ਲਈ ਇਹਨਾਂ ਦੀ ਪਛਾਣ, ਇਹਨਾਂ ਦੀ ਤਾਕਤ ਅਤੇ ਕਮਜ਼ੋਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਫਿਰ ਹੀ ਇਹ ਜੰਗ ਜਿੱਤੀ ਜਾ ਸਕੇਗੀ। ਮਹਾਭਾਰਤ ਜਿਹੀ ਵੱਡੀ ਲੜ੍ਹਾਈ ਸਿਰਫ 18 ਦਿਨ ਵਿੱਚ ਖ਼ਤਮ ਹੋ ਗਈ ਕਿਉਂਕਿ ਕੌਰਵਾਂ ਅਤੇ ਪਾਂਡਵਾਂ ਨੂੰ ਇੱਕ ਦੂਜੇ ਦੇ ਭੇਦਾ, ਤਾਕਤ ਅਤੇ ਕਮਜ਼ੋਰੀਆਂ ਦੀ ਪੂਰੀ ਜ਼ਾਣਕਾਰੀ ਸੀ। ਜਦਕਿ ਕਿਸਾਨਾਂ ਕੋਲ ਕੀਟਾ ਬਾਰੇ ਇਸ ਤਰਾਂ ਦੀ ਕੋਈ ਜਾਣਕਾਰੀ ਨਹੀ, ਇਸਲਈ ਕਿਸਾਨ ਅੱਜ ਤੱਕ ਇਹ ਜੰਗ ਨਹੀ ਜਿੱਤ ਸਕਿਆ। ਦੂਸਰੀ ਮਹੱਤਵਪੂਰਨ ਗੱਲ, ਮਹਾਂਭਾਰਤ ਦੀ ਲੜ੍ਹਾਈ ਵਿੱਚ ਹਰ ਯੋਧੇ ਕੋਲ ਦੋ ਤਰਾਂ  ਦੇ ਹਥਿਆਰ ਸਨ, ਇੱਕ ਖ਼ੁਦ ਦੀ ਰੱਖਿਆ ਕਰਨ ਲਈ ਅਤੇ ਇੱਕ ਦੂਸਰਿਆਂ ਨੂੰ ਮਾਰਨ ਵਾਸਤੇ, ਪਰ ਸਾਡੇ ਕਿਸਾਨਾਂ ਕੋਲ ਸਿਰਫ ਮਾਰਨ ਵਾਲੇ ਹਥਿਆਰ ਹਨ ਅਤੇ ਉਹ ਵੀ ਬੇਗਾਨੇ। ਅਤੇ ਬੇਗਾਨੇ ਹਥਿਆਰਾਂ ਨਾਲ ਜੰਗ ਨਹੀ ਜਿੱਤੀ ਜਾਂਦੀ।  ਇਸਲਈ ਅੱਜ ਤੱਕ ਇਹ ਜੰਗ ਜਾਰੀ ਹੈ।
ਸੋ ਕਿਸਾਨਾਂ ਨੇ ਜੇ ਇਹ ਜੰਗ ਜਿੱਤਣੀ ਹੈ ਤਾਂ ਉਸ ਨੂੰ ਤਿੰਨ ਕੰਮ ਕਰਨੇ ਪੈਣਗੇ-
1. ਕੀਟਾਂ ਦੀਆਂ ਵਿਭਿੰਨ ਅਵਸਥਾਵਾਂ ਦੀ ਸਹੀ ਪਹਿਚਾਨ
2. ਕੀਟਾਂ ਦੇ ਭੇਦ ਜਾਣਨੇ
3. ਆਪਣੇ ਖ਼ੁਦ ਦੇ ਹਥਿਆਰ ਵਿਕਸਿਤ ਕਰਨੇ।

ਕੀਟ ਕੀ ਹਨ? - ਕੀਟ ਉਹਨਾਂ ਰੀੜਵਿਹੀਨ ਜੀਵਾ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਸ਼ਰੀਰ ਤਿੰਨ ਭਾਗਾਂ ਸਿਰ, ਧੜ ਅਤੇ ਪੇਟ ਵਿੱਚ ਵੰਡਿਆ ਹੁੰਦਾ ਹੈ ਅਤੇ ਦੋ ਜੋੜੀ ਖੰਭ ਅਤੇ ਤਿੰਨ ਜੋੜੀ ਲੱਤਾ ਹੁੰਦੀਆਂ ਹਨ।   ਕੀਟ ਦੀਆਂ ਅੱਖਾ, ਮੂੰਹ ਅਤੇ ਐਟੀਨਾ ਇਸਦੇ ਸਿਰ ਵਾਲੇ ਹਿੱਸੇ ਵਿੱਚ ਹੁੰਦੀਆ ਹਨ। ਲੱਤਾ ਅਤੇ ਖੰਭ ਧੜ ਉੱਪਰ ਹੁੰਦੇ ਹਨ। ਇਹਨਾਂ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ- ਅੰਡਾ, ਲਾਰਵਾ, ਪਿਊਪਾ ਅਤੇ ਬਾਲਗ। ਲਾਰਵਾ(ਸੁੰਡੀ)  ਵਿੱਚ ਹੀ ਕੀਟ ਨੁਕਸਾਨ ਪਹੁੰਚਾਉਦੇ ਹਨ। ਕੀਟਾਂ ਦਾ ਖ਼ੂਨ ਹਵਾ ਦੇ ਸੰਪਰਕ ਵਿੱਚ ਆਉਣ ਤੇ ਨਹੀ ਜੰਮਦਾ। ਇਸ ਲਈ ਖ਼ੂਨ ਵਹਿ ਜਾਣ ਨਾਲ ਵੀ ਇਹਨਾਂ ਦੀ ਮੌਤ ਯਕੀਨੀ ਹੈ।
                  ਭੋਜਨ ਦੀ ਤਾਸੀਰ ਦੇ ਆਧਾਰ ਉੱਤੇ ਕੀਟ ਦੋ ਪ੍ਰਕਾਰ ਦੇ ਹਨ- ਮਾਂਸਾਹਾਰੀ ਅਤੇ ਸ਼ਾਕਾਹਾਰੀ। ਸ਼ਾਕਾਹਾਰੀ ਕਿਸਾਨ ਦੇ ਦੁਸ਼ਮਣ ਅਤੇ ਮਾਂਸਾਹਾਰੀ ਕਿਸਾਨ ਦੇ ਮਿੱਤਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਮੂੰਹ ਦੀ ਬਨਾਵਟ ਦੇ ਆਧਾਰ ਤੇ ਵੀ ਦੋ ਪ੍ਰਕਾਰ ਦੇ ਹਨ- ਰਸ ਚੂਸਣ ਵਾਲੇ ਅਤੇ ਪੱਤੇ ਖਾਣ ਵਾਲੇ।

ਰਸ ਚੂਸਕ ਕੀਟ - ਤੇਲਾ
ਤੇਲੇ ਦਾ ਬਾਲਗ 
ਨਰਮੇ  ਦਾ ਰਸ ਚੂਸ ਕੇ ਨੁਕਸਾਨ ਕਰਨ ਵਾਲੇ ਕੀਟਾ ਵਿੱਚੋਂ ਤੇਲਾ ਇੱਕ ਮੁੱਖ ਕੀਟ ਹੈ। ਇਹ ਤੋਤੀਏ ਰੰਗ ਦਾ ਹੁੰਦਾ ਹੈ। ਅੰਗਰੇਜੀ ਵਿੱਚ ਇਸ ਨੂੰ ਜੈਸਿਡ ਕਹਿੰਦੇ ਹਨ। ਲੋਹਾਰ ਦੀ ਛੈਣੀ ਵਰਗਾ ਦਿਸਣ ਵਾਲਾ ਇਹ ਕੀਟ ਲਗਭਗ ਤਿੰਨ ਮੀਟਰ ਲੰਬਾ ਹੁੰਦਾ ਹੈ। ਇਸਦਾ ਸੁਭਾਅ ਬਾਕੀ ਕੀਟਾਂ ਵਾਂਗ ਲਾਈਟ ਵੱਲ ਆਕਰਸ਼ਿਤ ਹੋਣ ਵਾਲਾ ਹੁੰਦਾ ਹੈ।





ਤੇਲੇ ਦਾ ਨਿਮ੍ਫ
ਤੇਲੇ ਦਾ ਬਾਲਗ ਅਤੇ ਤੇਲੇ ਦਾ ਬੱਚਾ ਜਿਸ ਨੂੰ ਨਿਮਫ ਕਿਹਾ ਜਾਂਦਾ ਹੈ, ਫ਼ਸਲ ਦਾ ਰਸ ਚੂਸ ਕੇ ਫ਼ਸਲ ਨੂੰ ਨੁਕਸਾਨ ਪਹੁੰਚਾਉਦੇ ਹਨ। ਇੱਥੇ ਹੀ ਬੱਸ ਨਹੀਂ, ਇਹ ਤਾਂ ਰਸ ਚੂਸਣ ਦੀ ਪ੍ਰਕ੍ਰਿਆ ਵੇਲੇ ਪੱਤਿਆਂ ਵਿੱਚ ਜ਼ਹਿਰ ਵੀ ਛੱਡਦੇ ਹਨ।




ਨੁਕਸਾਨ
ਰਸ ਚੂਸਣ ਦੇ ਕਾਰਣ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੱਤਿਆਂ ਉੱਪਰ ਲਾਲ ਰੰਗ ਦੇ ਬਿੰਦੀਨੁਮਾਂ ਮਹੀਨ ਨਿਸ਼ਾਨ ਪੈ ਜਾਂਦੇ ਹਨ। ਜ਼ਿਆਦਾ ਪ੍ਰਕੋਪ
ਹੋਣ ਉੱਤੇ ਪੱਤਾ ਪੂਰਾ ਹੀ ਲਾਲ ਹੋ ਜਾਂਦਾ ਹੈ ਅਤੇ ਹੇਠਾਂ ਵੱਲ ਮੁੜ ਜਾਂਦਾ ਹੈ। ਅੰਤ ਵਿੱਚ ਪੱਤਾ ਸੁੱਕ ਕੇ ਹੇਠਾਂ ਡਿੱਗ ਪੈਂਦਾ ਹੈ।

ਤੇਲੇ ਦੀ ਮਾਦਾ ਆਪਣੇ ਜੀਵਨ ਕਾਲ ਵਿੱਚ ਤਕਰੀਬਨ15 ਅੰਡੇ ਪੱਤੇ ਦੀ ਹੇਠਲੀ ਸਤਹ ਤੇ ਪੱਤੇ ਦੀ ਸਤਹ  ਦੇ ਨਾਲ ਤੰਤੂਆਂ ਵਿੱਚ ਦਿੰਦੀ ਹੈ। 5-6 ਦਿਨਾਂ ਵਿੱਚ ਇੰਨਾਂ ਅੰਡਿਆਂ ਵਿੱਚੋਂ ਬੱਚੇ (ਨਿਮਫ) ਨਿਕਲ ਆਉਦੇਂ ਹਨ। ਇਹ ਨਿਮਫ ਪੱਤੇ ਦੀ ਹੇਠਲੀ ਸਤਹ ਤੋਂ ਰਸ ਚੂਸ ਕੇ ਆਪਣਾ ਗੁਜ਼ਾਰਾ ਕਰਦੇ ਹਨ। ਮੌਸਮ ਦੀ ਅਨੁਕੂਲਤਾ ਅਤੇ ਭੋਜਨ ਦੀ ਉਪਲਬਧਤਾ ਦੇ ਅਨੁਸਾਰ, ਇਹ ਬੱਚੇ ਬਾਲਗ ਬਣਨ ਲਈ 10-20 ਦਿਨ ਦਾ ਸਮਾਂ ਲੈਦੇ ਹਨ। ਇਸ ਦੌਰਾਨ ਇਹ ਬੱਚੇ ਭਾਵ ਨਿਮਫ ਤਕਰੀਬਨ 5 ਵਾਰ ਆਪਣੀ ਕੁੰਜ ਉਤਾਰਦੇ ਹਨ। ਇਹਨਾਂ ਦਾ ਬਾਲਗ ਜੀਵਨ 40-50 ਦਿਨ ਦਾ ਹੁੰਦਾ ਹੈ।
ਇਸ ਪ੍ਰਕ੍ਰਿਤੀ ਦਾ ਇੱਕ ਨਿਯਮ ਹੈ ਕਿ ਇੱਥੇ ਹਰ ਜੀਵ ਨੂੰ ਖਾਣ ਲਈ ਕੋਈ ਨਾਂ ਕੋਈ ਜੀਵ ਕੁਦਰਤ ਵੱਲੋਂ ਬਣਿਆਂ ਹੋਇਆ ਹੈ। ਤੇਲੇ ਵੀ ਇਸ ਨਿਯਮ ਤੋਂ ਬਚੇ ਹੋਏ ਨਹੀ ਹਨ। ਤੇਲੇ ਦੇ ਬੱਚੇ ਅਤੇ ਬਾਲਗ ਫ਼ਸਲ ਵਿੱਚ ਮੱਕੜੀਆਂ, ਦੈਂਤ ਮੱਖੀਆਂ, ਡਾਇਨ ਮੱਖ਼ੀਆਂ, ਕਰਾਈਸੋਪਾ ਅਤੇ ਲੇਡੀ ਬੀਟਲ ( ਜਿਸ ਨੂੰ ਬੱਚੇ ਫ਼ੇਲ-ਪਾਸ ਕਹਿੰਦੇ ਨੇ) ਦਾ ਭੋਜਨ ਬਣਦੇ ਹਨ। ਕਈ ਤਰਾਂ  ਦੇ ਬੱਗ ਜਿਵੇਂ ਡਾਕੂ ਬੱਗ ਅਤੇ ਕਾਤਿਲ ਬੱਗ ਤੇਲੇ ਦੇ ਖ਼ੂਨ ਦੇ ਪਿਆਸੇ ਹੁੰਦੇ ਹਨ।
ਸੋ ਕਿਸਾਨ ਭਰਾਵੋਂ, ਅਗਲੀ ਵਾਰ ਤੇਲੇ ਲਈ ਕੀਟਨਾਸ਼ਕ ਛਿੜਕਣ ਤੋਂ ਪਹਿਲਾਂ ਆਪਣੇ ਖੇਤ ਵਿੱਚ ਕੁਦਰਤ ਵੱਲੋਂ ਤੁਹਾਡੀ ਮੱਦਦ ਲਈ ਭੇਜੇ ਕੁਦਰਤੀ ਕੀਟਨਾਸ਼ਕਾਂ ਮੱਕੜੀਆਂ, ਦੈਂਤ ਮੱਖੀਆਂ, ਡਾਇਨ ਮੱਖ਼ੀਆਂ, ਕਰਾਈਸੋਪਾ ਅਤੇ ਲੇਡੀ ਬੀਟਲ ਵੱਲ ਨਜ਼ਰ ਜ਼ਰੂਰ ਮਾਰ ਲੈਣਾ।

No comments:

Post a Comment

Thanks for your feedback....