Sunday, April 22, 2012

ਕਪਾਹ ਦਾ ਲਾਲ ਬੱਗ/ਬਾਣੀਆ

ਬਾਲਗ ਲਾਲ ਬਗ
ਲਾਲ ਬੱਗ ਇੱਕ ਰਸ ਚੂਸਕ ਹਾਨੀਕਾਰਕ ਕੀਟ ਹੈ। ਇਹ ਕੀਟ ਸਾਰਾ ਸਾਲ ਪਾਇਆ ਜਾਂਦਾ ਹੈ ਪਰ ਕਪਾਹ ਦੀ ਫਸਲ ਤੇ ਇਸਦਾ ਜ਼ਿਆਦਾ ਪ੍ਰਕੋਪ ਅਗਸਤ ਤੋਂ ਅਕਤੂਬਰ ਤੱਕ ਦੇਖਿਆ ਗਿਆ ਹੈ। ਕਿਸਾਨ ਇਸਨੂੰ ਬਾਣੀਆ ਕਹਿੰਦੇ ਹਨ ਅਤੇ ਕਪਾਹ ਦੀ ਫਸਲ ਵਿੱਚ ਇਸਦੇ ਹਮਲੇ ਨੂੰ ਕਪਾਹ ਦੇ ਚੰਗੇ ਭਾਅ ਮਿਲਣ ਦਾ ਸੰਕੇਤ ਮੰਨਦੇ ਹਨ। ਇਸ ਕੀਟ ਦਾ ਹਮਲਾ ਦੇਸੀ ਕਪਾਹ ਦੀ ਬਜਾਏ ਨਰਮੇ ਵਿੱਚ ਜ਼ਿਆਦਾ ਹੁੰਦਾ ਹੈ। ਇਸ ਕੀਟ ਦੇ ਬੱਚੇ ਅਤੇ ਬਾਲਗ ਕਪਾਹ ਦੇ ਪੱਤਿਆਂ, ਤਣਿਆਂ, ਟੀਂਡਿਆਂ ਅਤੇ ਬੀਜਾਂ ਦਾ ਰਸ ਚੂਸ ਕੇ ਫਸਲ ਨੂੰ ਹਾਨੀ ਪਹੁੰਚਾਉਂਦੇ ਹਨ। ਜ਼ਿਆਦਾ ਰਸ ਚੂਸੇ ਜਾਣ ਤੇ ਪੱਤੀਆਂ ਪੀਲੀਆਂ ਹੋ ਕੇ ਮੁਰਝਾ ਜਾਂਦੀਆਂ ਹਨ। ਟੀਂਡਿਆਂ ਦਾ ਰਸ ਚੂਸੇ ਜਾਣ ਤੇ ਇਹਨਾਂ ਉੱਪਰ ਸਫੇਦ ਅਤੇ ਪੀਲੇ ਧੱਬੇ ਬਣ ਜਾਂਦੇ ਹਨ ਅਤੇ ਟੀਂਡੇ ਪੂਰੀ ਤਰਾ ਵਿਕਸਿਤ ਨਹੀ ਹੋ ਪਾਉਂਦੇ। ਇਹਨਾਂ ਦੇ ਮਲ-ਮੂਤਰ ਨਾਲ ਕਪਾਹ ਦੇ ਰੇਸ਼ੇ ਬਦਰੰਗ ਹੋ ਜਾਂਦੇ ਹਨ। ਟੀਂਡੇ ਖਿੜਨ ਤੇ ਇਹ ਕੀਟ ਬੀਜਾਂ ਦਾ ਰਸ ਚੂਸਦੇ ਹਨ ਜਿਸ ਕਾਰਣ ਇਹ ਬੀਜ ਤੇਲ ਕੱਢਣ ਅਤੇ ਬਿਜਾਈ ਦੇ ਲਾਇਕ ਲਈ ਰਹਿ ਜਾਂਦੇ। ਬੀਜਾਂ ਵਿੱਚ ਇਸ ਨੁਕਸਾਨ ਨਾਲ ਕਪਾਹ ਦੀ ਪੈਦਾਵਾਰ ਵਿੱਚ ਨਿਸ਼ਚਿਤ ਤੌਰ ਤੇ ਕਮੀ ਹੁੰਦੀ ਹੈ ਜੋ ਪ੍ਰਤੱਖ ਤੌਰ ਤੇ ਦਿਖਾਈ ਨਹੀ ਦਿੰਦੀ।
ਇਸ ਦਾ ਅੰਗਰੇਜੀ ਨਾਮ Red cotton bug ਹੈ। ਕੀਟ ਵਿਗਿਆਨ ਜਗਤ ਵਿੱਚ ਇਸਨੂੰ Dysdercus singulatus ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸਦੇ ਪਰਿਵਾਰ ਦਾ ਨਾਮ Pyrrhocoridae  ਅਤੇ ਕੁੱਲ ਦਾ ਨਾਮ 8emiptera ਹੈ। ਇਸ ਕੀਟ ਦੇ ਬਾਲਗ ਲੰਬੇ ਅਤੇ ਇਕਹਿਰੇ
ਅੰਡੇ 
ਸ਼ਰੀਰ ਦੇ ਹੁੰਦੇ ਹਨ ਜਿੰਨਾ ਦੇ ਸ਼ਰੀਰ ਦਾ ਰੰਗ ਕਿਰਮਿਜੀ (ਗੂੜ੍ਹੇ ਲਾਲ ਰੰਗ ਦਾ ਹੀ ਇੱਕ ਸ਼ੇਡ) ਹੁੰਦਾ ਹੈ। ਇਹਨਾਂ ਦੇ ਢਿੱਡ ਤੇ ਚਿੱਟੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਇਹਨਾਂ ਦੇ ਅੱਗੇ ਵਾਲੇ ਖੰਭਾਂ, ਸਪਰਸ਼ਅੰਗ ਅਤੇ ਸਕੁਟੈਲਮ ਦਾ ਰੰਗ ਕਾਲਾ ਹੁੰਦਾ ਹੈ।
ਇਸ ਕੀਟ ਦੀ ਮਾਦਾ ਲਗਭਗ ਸੌ-ਸਵਾ ਸੌ ਅੰਡੇ ਜਮੀਨ ਵਿੱਚ ਦਿੰਦੀ ਹੈ। ਇਹ ਅੰਡੇ ਜਾਂ ਤਾਂ ਗਿੱਲੀ ਮਿੱਟੀ ਵਿੱਚ ਦਿੱਤੇ ਜਾਂਦੇ ਹਨ ਜਾਂ ਫਿਰ ਤੰਗ ਤਰੇੜਾਂ ਵਿੱਚ ਦਿੱਤੇ ਜਾਂਦੇ ਹਨ। ਅੰਡਿਆਂ ਦਾ ਆਕਾਰ ਗੋਲ ਅਤੇ ਰੰਗ ਹਲਕਾ ਪੀਲਾ ਹੁੰਦਾ ਹੈ। ਅੰਡਿਆਂ ਵਿੱਚੋਂ ਬੱਚੇ ਨਿਕਲਣ ਵਿੱਚ ਸੱਤ-ਅੱਠ ਦਿਨ ਦਾ ਸਮਾਂ ਲੱਗਦਾ ਹੈ। ਇਹਨਾਂ ਬੱਚਿਆਂ ਜਿੰਨਾ ਨੂੰ ਨਿਮਫ ਕਿਹਾ ਜਾਂਦਾ ਹੈ, ਬਾਲਗ ਦੇ ਰੂਪ ਵਿੱਚ ਵਿਕਸਿਤ ਹੋਣ ਦੇ ਲਈ ਸਮਾਂ ਅਤੇ ਸਥਾਨ ਦੇ ਹਿਸਾਬ ਨਾਲ ਤਕਰੀਬਨ 50 ਤੋਂ 90 ਦਿਨ ਦਾ ਸਮਾਂ ਲੱਗਦਾ ਹੈ। ਇਸ ਦੌਰ ਵਿੱਚ ਨਿਮਫ ਪੰਜ ਵਾਰ ਆਪਣੀ ਕੰਜ ਉਤਾਰਦੇ ਹਨ। ਇਹਨਾਂ ਕੀਟਾਂ ਦੇ ਬਾਲਗ ਦਾ ਜੀਵਨ 40 ਤੋਂ 60 ਦਿਨ ਦਾ ਹੁੰਦਾ ਹੈ।
ਲਾਲ ਬਗ ਦਾ ਨਿਮ੍ਫ
ਇਸ ਕੀਟ ਨੂੰ ਗੰਦਜੋਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਵਿਸ਼ੇਸ਼ ਪ੍ਰਕਾਰ ਦਾ ਗੰਦ ਛੱਡਦਾ ਹੈ। ਇਸਲਈ ਇਸ ਕੀਟ ਨੂੰ ਖਾਣ ਵਾਲੇ ਕੀਟ ਵੀ ਕੁਦਰਤ ਵਿੱਚ ਘੱਟ ਹੀ ਮਿਲਦੇ ਹਨ।
ਕੰਟਰੋਲ-
• ਕਈ ਤਰਾ ਦੀਆਂ ਮੱਕੜੀਆਂ ਅਤੇ Pyrrhocoridae ਕੁੱਲ ਦਾ 1ntilochus cocqueberti ਨਾਮਕ ਬੱਗ ਅਤੇ Reduvidae  ਕੁੱਲ ਦਾ 8arpactor costaleis ਨਾਮਕ ਬੱਗ ਇਸ ਕੀਟ ਦੇ ਬੱਚਿਆਂ ਅਤੇ ਬਾਲਗਾਂ ਦਾ ਸ਼ਿਕਾਰ ਕਰਦੇ ਹਨ। ਇਸਲਈ ਖੇਤਾਂ ਵਿੱਚ ਮੱਕੜੀਆਂ ਦੇ ਘੱਟ ਹੋਣ ਕਾਰਨ ਇਸਦਾ ਪ੍ਰਕੋਪ ਵਧ ਜਾਂਦਾ ਹੈ।
• ਇਸ ਕੀਟ ਦੇ ਨਿਮਫਾਂ ਅਤੇ ਬਾਲਗਾਂ ਨੂੰ ਮੌਤ ਦੀ ਨੀਂਦ ਸੁਲਾਉਣ ਵਾਲੇ ਕਈ ਤਰਾ  ਦੇ ਰੋਗਾਣੂ ਵੀ ਕੁਦਰਤ ਵਿੱਚ ਮੌਜ਼ੂਦ ਹਨ। ਇਹਨਾਂ ਵਿੱਚੋਂ ਇੱਕ ਫਫੂੰਦੀ ਰੋਗਾਣੂ ਮੁੱਖ ਹੈ। ਇਹ ਫਫੂੰਦੀ ਰੋਗਾਣੂ ਸੂਖ਼ਮ ਬੀਜਾਣੂਆਂ ਦੇ ਰੂਪ ਵਿੱਚ ਇਸ ਦੇ ਸ਼ਰੀਰ ਦੀ ਬਾਹਰੀ ਸਤਹ ਤੇ ਹਮਲਾ ਕਰਦਾ ਹੈ। ਤਾਪਮਾਨ ਦੀ ਅਨੁਕੂਲਤਾ ਹੋਣ ਤੇ ਇਹਨਾਂ ਬੀਜਾਣੂਆਂ ਤੋਂ ਫਫੂੰਦ ਹਾਈਫਾ ਦੇ ਰੂਪ ਵਿੱਚ ਉੱਗਦੀ ਹੈ ਅਤੇ ਦੇਖਦੇ ਹੀ ਦੇਖਦੇ ਕੀਟ ਦੇ ਸ਼ਰੀਰ ਉੱਪਰ ਆਪਣਾ ਅਧਿਕਾਰ ਕਰ ਲੈਂਦੀ ਹੈ। ਇਹ ਫਫੂੰਦ ਕੀਟ ਦੀ ਚਮੜੀ ਪਾੜ ਕੇ ਉਸਦੇ ਸ਼ਰੀਰ ਵਿੱਚ ਘੁਸ ਜਾਂਦੀ ਹੈ ਅਤੇ ਕੀਟ ਦੀ ਮੌਤ ਹੋ ਜਾਂਦੀ ਹੈ।
• ਕੁੱਝ ਫਫੂੰਦ ਆਪਣੇ ਸ਼ਰਨਦਾਤਾ ਕੀਟ ਦੇ ਸ਼ਰੀਰ ਵਿੱਚ ਜ਼ਹਿਰੀਲੇ ਪ੍ਰੋਟੀਨ ਵੀ ਛੱਡਦੇ ਪਾਏ ਜਾਂਦੇ ਹਨ। ਇਹ ਜ਼ਹਿਰੀਲੇ ਪ੍ਰੋਟੀਨ ਵੀ ਮੌਤ ਦਾ ਕਾਰਨ ਬਣਦੇ ਹਨ।

ਕੱਦੂ ਭੂੰਡੀ (ਪੰਪਕਿਨ ਬੀਟਲ)

ਹੁਣ ਕੱਦੂ,ਲੌਕੀ, ਤੋਰੀਆਂ ਖਾਣ ਦੀ ਰੁੱਤ ਆ ਗਈ ਹੈ ਅਤੇ ਇਸਦੇ ਨਾਲ ਹੀ ਆ ਗਈ ਹੈ ਕੱਦੂ ਭੂੰਡੀ। ਇਹ ਭੂੰਡੀ ਕੱਦੂ ਪ੍ਰਜਾਤੀ ਦੀਆਂ ਸਬਜੀਆਂ ਉੱਪਰ ਹਮਲਾ ਕਰਕੇ ਬਹੁਤ ਨੁਕਸਾਨ ਕਰਦੀ ਹੈ। ਇਸ ਸਮੇਂ ਵਿੱਚ ਜੇ ਕਿਸਾਨ ਸਭ ਤੋਂ ਵੱਧ ਪ੍ਰੇਸ਼ਾਨ ਕਿਸੇ ਤੋਂ ਹੁੰਦੇ ਹਨ ਤਾਂ ਉਹ ਇਹੀ ਹੈ। ਆਉ! ਅੱਜ ਆਪਾਂ ਇਸ ਬਾਰੇ ਜਾਣੀਏ-
ਕੱਦੂ ਭੂੰਡੀ ਦਾ ਵਿਗਿਆਨਕ ਨਾਮ Avlacophora foveicollis ਹੈ ਅਤੇ ਇਹ Chrysomelidae ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਹ ਸਾਨੂੰ ਕੱਦੂ, ਤੋਰੀ, ਲੌਕੀ ਦੀਆਂ ਵੱਲਾ ਉੱਪਰ ਪੱਤੇ ਖਾਂਦੀ ਨਜ਼ਰ ਆਉਂਦੀ ਹੈ। ਇਸ ਕੀਟ ਦੁਆਰਾ ਮਾਰਚ ਤੋਂ ਮਈ ਦੇ ਦੌਰਾਨ ਫਸਲ ਦਾ ਜ਼ਿਆਦਾ ਨੁਕਸਾਨ ਕੀਤਾ ਜਾਂਦਾ ਹੈ ਅਤੇ ਇਸ ਵਿੱਚੋਂ ਵੀ ਸਭ ਤੋਂ ਵੱਧ ਨੁਕਸਾਨ ਅਪ੍ਰੈਲ ਦੇ ਅੱਧ ਵਿੱਚ ਹੁੰਦਾ ਹੈ।
ਪਹਿਚਾਣ-
ਅੰਡੇ ਪੀਲੀ ਭਾਅ ਲਏ ਗੁਲਾਬੀ ਰੰਗ ਦੇ ਗੋਲ ਆਕਾਰ ਦੇ ਹੁੰਦੇ ਹਨ ਜੋ ਕਿ ਕੁੱਝ ਦਿਨਾਂ ਬਾਅਦ ਸੰਤਰੀ ਰੰਗ ਵਿੱਚ ਬਦਲ ਜਾਂਦੇ ਹਨ। ਅੰਡਿਆਂ ਵਿੱਚੋਂ ਬੱਚੇ ਨਿਕਲਣ ਸਾਰ ਬੱਚਿਆਂ ਦਾ ਰੰਗ ਘਸਮੈਲਾ ਚਿੱਟਾ ਹੁੰਦਾ ਹੈ ਅਤੇ ਜਦ ਇਹ ਪੂਰੇ ਵਿਕਸਿਤ ਹੋ ਜਾਂਦੇ ਹਨ ਤਾਂ ਇਹਨਾਂ ਦਾ ਰੰਗ ਕ੍ਰੀਮੀ-ਪੀਲਾ ਹੋ ਜਾਂਦਾ ਹੈ। ਇਹਨਾਂ ਦੀ ਲੰਬਾਈ 22 ਮਿਲੀਮੀਟਰ ਹੁੰਦੀ ਹੈ। ਪਿਊਪਾ ਪਿਲੱਤਣ ਲਏ ਚਿੱਟੇ (pale white)ਰੰਗ ਦੇ ਹੁੰਦੇ ਹਨ ਅਤੇ ਮਿੱਟੀ ਵਿੱਚ 15 ਤੋਂ 25 ਮਿਲੀਮੀਟਰ ਤੱਕ ਦੀ ਡੂੰਘਾਈ ਵਿੱਚ ਰਹਿੰਦੇ ਹਨ। ਬਾਲਗ 6 ਤੋਂ 8 ਮਿਲੀਮੀਟਰ ਦੀ ਲੰਬਾਈ ਦੇ ਹੁੰਦੇ ਹਨ।
ਜੀਵਨ ਚੱਕਰ
ਮਾਦਾ ਪੌਦੇ ਦੇ ਨੇੜੇ ਗਿੱਲੀ ਮਿੱਟੀ ਵਿੱਚ 25 ਮਿਲੀਮੀਟਰ ਦੀ ਗਹਿਰਾਈ ਵਿੱਚ ਪੀਲੇ ਰੰਗ ਦੇ ਅੰਡੇ ਦਿੰਦੀ ਹੈ। ਇੱਕ ਮਾਦਾ 150 ਤੋਂ 200 ਅੰਡੇ ਦਿੰਦੀ ਹੈ। ਅੰਡਿਆਂ ਵਿੱਚੋਂ 5 ਤੋਂ 27 ਦਿਨਾਂ ਦੇ ਅੰਦਰ ਬੱਚੇ ਨਿਕਲਦੇ ਹਨ। ਇਹ ਸਮਾਂ ਤਾਪਮਾਨ ਅਤੇ ਮਿੱਟੀ ਵਿੱਚ ਨਮੀ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਗਰੱਬ ਪੌਦਿਆਂ ਦੀਆਂ ਜੜ੍ਹਾ ਖਾਂਦੇ ਹਨ। ਗਰੱਬ 12 ਤੋਂ 34 ਦਿਨਾਂ ਦੇ ਅੰਦਰ ਪੂਰੇ ਵਿਕਸਿਤ ਹੋ ਜਾਂਦੇ ਹਨ ਅਤੇ ਮਿੱਟੀ ਵਿੱਚ ਪਿਊਪਾ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ। ਪਿਊਪਾ ਅਵਸਥਾ 15 ਤੋਂ 35 ਦਿਨ ਤੱਕ ਦੀ ਹੁੰਦੀ ਹੈ। ਬਾਲਗ 20 ਤੋਂ 197 ਦਿਨਾਂ ਤੱਕ ਜੀਵਿਤ ਰਹਿੰਦੇ ਹਨ। ਇਸ ਤਰਾ ਇਸਦਾ ਜੀਵਨ ਚੱਕਰ 52 ਤੋਂ 270 ਦਿਨਾਂ ਵਿੱਚ ਪੂਰਾ ਹੁੰਦਾ ਹੈ। ਇਹ ਕੀਟ ਨੂੰ ਗਰਮ ਮੌਸਮ ਵਿੱਚ ਜ਼ਿਆਦਾ ਕਿਰਿਆਸ਼ੀਲ ਪਾਇਆ ਗਿਆ ਹੈ ਅਤੇ ਮੱਧ ਅਪ੍ਰੈਲ ਤੱਕ ਇਹ ਪੂਰੇ ਜ਼ੋਰ ਤੇ ਹੁੰਦਾ ਹੈ।
ਮੇਜ਼ਬਾਨ ਪੌਦੇ
ਇਹ ਕੱਦੂ ਪਰਿਵਾਰ ਨਾਲ ਸੰਬੰਧਿਤ ਫਸਲਾਂ ਖੀਰਾ, ਖਰਬੂਜ਼ਾ, ਤਰਬੂਜ਼, ਕੱਦੂ, ਤੋਰੀ, ਲੌਕੀ, ਕਰੇਲਾ ਆਦਿ ਉੱਪਰ ਹਮਲਾ ਕਰਦੀ ਹੈ। ਇਸ ਵੱਲੋਂ ਸਭ ਤੋਂ ਵੱਧ ਨੁਕਸਾਨ ਕੱਦੂ, ਲੌਕੀ (ਅੱਲ) ਦਾ ਕੀਤਾ ਜਾਂਦਾ ਹੈ। ਕਰੇਲੇ ਅਤੇ ਤੋਰੀ ਵਿੱਚ ਇਹਨਾਂ ਦੇ ਮੁਕਾਬਲੇ ਘੱਟ ਨੁਕਸਾਨ ਕਰਦੀ ਹੈ।

ਨੁਕਸਾਨ
ਬਾਲਗ ਅਤੇ ਗਰੱਬ ਪੌਦਿਆਂ ਦੀ ਅਰੰਭਿਕ ਅਵਸਥਾ ਵਿੱਚ ਅਤੇ ਫੁੱਲ ਲੱਗਣ ਦੀ ਅਵਸਥਾ ਵਿੱਚ ਪੱਤੇ ਅਤੇ ਫੁੱਲ ਖਾ ਕੇ ਨੁਕਸਾਨ ਕਰਦੇ ਹਨ। ਇਹ ਪੱਤਿਆਂ ਵਿੱਚ ਮੋਰੀ ਕਰਦੇ ਹਨ ਜਿਸ ਨਾਲ ਪੌਦਾਂ ਜਾਂ ਤਾਂ ਖ਼ਤਮ ਹੋ ਜਾਂਦਾ ਹੈ ਜਾਂ ਵਿਕਾਸ ਰੁਕ ਜਾਂਦਾ ਹੈ। ਪੌਦਿਆਂ ਦੀ ਅਰੰਭਿਕ ਅਵਸਥਾ ਵਿੱਚ ਇਹਨਾਂ ਦਾ ਹਮਲਾ ਹੋਣ ਕਰਕੇ ਫਸਲ ਨੂੰ ਫਲ ਦੇਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਜ਼ਿਆਦਾ ਹਮਲਾ ਹੋਣ ਤੇ ਦੁਬਾਰਾ ਬਿਜਾਈ ਵੀ ਕਰਨੀ ਪੈ ਸਕਦੀ ਹੈ। ਲਾਰਵਾ ਮਿੱਟੀ ਵਿੱਚ ਰਹਿੰਦੇ ਹਨ ਅਤੇ ਪੌਦੇ ਦੀਆਂ ਜੜ੍ਹਾਂ ਅਤੇ ਡੰਡੀਆਂ ਖਾਂਦੇ ਹਨ। ਜਦੋਂ ਫਲ ਜਾਂ ਪੱਤੇ ਵੀ ਮਿੱਟੀ ਨਾਲ ਲੱਗਦੇ ਹਨ ਤਾਂ ਇਹ ਉਹਨਾਂ ਨੂੰ ਵੀ ਖਾ ਜਾਂਦੇ ਹਨ। ਇਹਨਾਂ ਦੇ ਕਰਕੇ ਉੱਲੀ ਵੀ ਆ ਜਾਂਦੀ ਹੈ। ਇਹ ਅਕਸਰ ਸਮੂਹ ਵਿੱਚ ਨਵੇਂ ਅਤੇ ਵੱਡੇ ਪਤਿਆ ਉੱਪਰ ਹੁੰਦੀਆਂ ਹਨ ਅਤੇ ਪੱਤਿਆਂ ਨੂੰ ਖਾਂਦੀਆਂ ਹਨ ਜਿਸ ਕਰਕੇ ਪੱਤੇ ਵਿੱਚ ਵੱਡੇ ਮੋਰੇ ਨਜ਼ਰ ਆਉਂਦੇ ਹਨ। ਇਹ ਅਗਲੇ ਪੱਤੇ ਤੇ ਉਦੋਂ ਜਾਂਦੀਆਂ ਹਨ ਜਦ ਇੱਕ ਪੱਤੇ ਨੂੰ ਪੂਰਾ ਖਤਮ ਕਰ ਲੈਣ ਤੇ ਸਿਰਫ ਉਸਦਾ ਪਿੰਜਰ ਰਹਿ ਜਾਵੇ।
ਕੰਟਰੋਲ
ਇਸ ਭੂੰਡੀ ਵਿੱਚ ਕੁੱਝ ਅਜਿਹੇ ਰਸਾਇਣ ਹੁੰਦੇ ਹਨ ਕਿ ਸ਼ਿਕਾਰੀ ਕੀਟ ਇਸਤੋਂ ਪਰਹੇਜ਼ ਕਰਦੇ ਹਨ। ਇਸਦੇ ਚਮਕੀਲੇ ਰੰਗ ਸ਼ਿਕਾਰੀਆਂ ਨੂੰ ਇਹ ਚੇਤਾਵਨੀ ਦਿੰਦੇ ਹਨ ਕਿ ਇਹ ਬੇਸੁਆਦ ਹਨ। ਇਸਲਈ ਕਿਸਾਨਾਂ ਨੂੰ ਉਹ ਕੀਟ ਪ੍ਰਤੀਰੋਧੀ ਕਿਸਮਾਂ ਉਗਾਉਣੀਆਂ ਚਾਹੀਦੀਆਂ ਹਨ।
• ਇਹਨਾਂ ਦੇ ਹਮਲੇ ਦੀਆਂ ਸ਼ਿਕਾਰ ਫਸਲਾਂ ਦੇ ਕੋਲ ਨਵੀਆਂ ਫਸਲਾਂ ਨਹੀ ਲਗਾਉਣੀਆਂ ਚਾਹੀਦੀਆਂ।
• ਸਵੇਰ ਦੇ ਸਮੇਂ ਜਾਂ ਸ਼ਾਮ ਨੂੰ ਇਸ ਭੂੰਡੀ ਨੂੰ ਆਸਾਨੀ ਨਾਲ ਪਕੜਿਆ ਜਾ ਸਕਦਾ ਹੈ। ਇਹ ਤਰੀਕਾ ਘਰੇਲੂ ਬਗੀਚੀ ਵਿੱਚ ਉਪਯੋਗੀ ਹੋ ਸਕਦਾ ਹੈ।
• ਸੁਆਹ- ਅੱਧਾ ਕੱਪ ਸੁਆਹ (ਸਿਰਫ ਲੱਕੜੀ, ਪਾਥੀਆਂ, ਛਟੀਂਆਂ ਦੀ ਸੁਆਹ)ਅਤੇ ਅੱਧਾ ਕੱਪ ਚੂਨਾ 4 ਲਿਟਰ ਪਾਣੀ ਵਿੱਚ ਮਿਲਾਓ। ਇਸਨੂੰ ਕੁੱਝ ਘੰਟੇ ਪਿਆ ਰਹਿਣ ਦਿਉ। ਵੱਡੇ ਪੱਧਰ ਤੇ ਛਿੜਕਾਅ ਕਰਨ ਤੋਂ ਪਹਿਲਾਂ ਕੁੱਝ ਪੌਦਿਆਂ ਉੱਪਰ ਕਰਕੇ ਵੇਖੋ।
• ਨਿਮੋਲੀ ਦੇ 5% ਘੋਲ ਨੂੰ ਛਿੜਕ ਕੇ ਮਾਦਾ ਨੂੰ ਅੰਡੇ ਦੇਣ ਤੋ ਰੋਕਿਆ ਜਾ ਸਕਦਾ ਹੈ।

Sunday, March 11, 2012

ਚੇਪੇ ਦੇ ਸ਼ਿਕਾਰੀ

ਕਣਕ ਦੇ ਵਿਚ ਚੇਪੇ ਦੀ ਆਮਦ ਤੇ ਕਿਸਾਨ ਭਰਾ ਕੀਟਨਾਸ਼ਕਾਂ ਦੀਆਂ ਢੋਲੀਆਂ ਚੁਕ ਲੈਂਦੇ ਹਨ ਜਦਕਿ ਇਹ ਕੰਮ ਤਾਂ ਸਿਰਫ ਕੁਝ ਮਿੱਤਰ ਕੀਟਾ ਦੀ ਪਛਾਣ ਕਰਕੇ ਹੀ ਕੀਤਾ ਜਾ ਸਕਦੇ ਹੈ ਜੋ ਕਿ ਉਸਦਾ ਸ਼ਿਕਾਰ ਕਰਕੇ ਉਸਨੂੰ ਖਤਮ ਕਰਦੇ ਹਨ.
ਦੀਦਾ ਬੱਗ (ਵੱਡੀਆਂ ਅੱਖਾਂ ਵਾਲਾ ਬੱਗ)


ਸਿਰ ਦੇ ਦੋਵੇਂ ਪਾਸੇ ਬਾਹਰ ਵੱਲ ਉਭਰੀਆਂ ਹੋਈਆਂ ਵੱਡੀਆਂ-ਵੱਡੀਆਂ ਅੱਖਾਂ ਦੇ ਕਾਰਨ ਹਰਿਆਣੇ ਦੇ ਜੀਂਦ ਜਿਲ੍ਹੇ  ਦੇ ਕਿਸਾਨ ਇਸਨੂੰ ਦੀਦੜ ਬੱਗ ਕਹਿੰਦੇ ਹਨ। ਅੰਗਰੇਜ਼ੀ ਬੋਲਣ ਵਾਲੇ ਇਸਨੂੰ 2ig 5yed 2ug ਕਹਿੰਦੇ ਹਨ। ਇਸਦਾ ਵਿਗਿਆਨਕ ਨਾਮ 7eocoris sp. ਹੈ। ਇਹ ਕੀਟ 8emiptera ਕ੍ਰਮ ਦੇ Lygaeidae ਪਰਿਵਾਰ ਦਾ ਮੈਂਬਰ ਹੈ। 

ਪਹਿਚਾਣ
ਇਸ ਕੀਟ ਦਾ ਸ਼ਰੀਰ ਅੰਡੇਨੁਮਾ ਪਰ ਥੋੜ੍ਹਾ ਬਹੁਤ ਚਪਟਾ ਹੁੰਦਾ ਹੈ। ਇਸਦਾ ਮੱਥਾ ਚੌੜਾ ਹੁੰਦਾ ਹੈ ਜਿਸਦੇ ਦੋਵੇਂ ਪਾਸੇ ਬਾਹਰ ਦੇ ਵੱਲ ਉੱਭਰੀਆਂ ਹੋਈਆਂ ਵੱਡੀਆਂ-ਵੱਡੀਆਂ ਅੱਖਾਂ ਹੁੰਦੀਆਂ ਹਨ। ਇਸਦੇ ਸ਼ਰੀਰ ਦੀ ਲੰਬਾਈ ਲਗਭਗ ਚਾਰ ਮਿਲੀਮੀਟਰ ਹੁੰਦੀ ਹੈ। ਇਸਦੇ ਸ਼ਰੀਰ ਦਾ ਰੰਗ ਆਮ ਤੌਰ ਉੱਤੇ ਸਲੇਟੀ, ਭੂਰਾ ਜਾਂ ਹਲਕਾ ਪੀਲਾ ਹੁੰਦਾ ਹੈ। ਮੂੰਹ ਦੇ ਨਾਮ ਤੇ ਇਸ ਕੀਟ ਦਾ ਸੂਈ ਵਾਂਗ ਡੰਕ ਹੁੰਦਾ ਹੈ ਜਿਸਦੀ ਮੱਦਦ ਨਾਲ ਇਹ ਹੋਰ ਕੀਟਾਂ ਦਾ ਖੂਨ ਚੂਸਦਾ ਹੈ। ਇਸਦੇ ਨਿਮਫ (ਬੱਚੇ) ਆਪਣੇ ਬਾਲਗਾਂ ਜਿਹੇ ਹੀ ਹੁੰਦੇ ਹਨ ਸਿਰਫ ਉਹਨਾਂ ਦੇ ਬਾਲਗਾਂ ਵਾਂਗ ਖੰਭ ਨਹੀ ਹੁੰਦੇ।
ਜੀਵਨ ਚੱਕਰ
ਮਾਦਾ ਗੁਲਾਬੀ ਜਾਂ ਹਲਕੇ ਪੀਲੇ ਰੰਗ ਦੇ ਅੰਡੇ ਪੌਦਿਆਂ ਦੇ ਟਿਸ਼ੂਆਂ ਉੱਪਰ ਦਿੰਦੀ ਹੈ। ਅੰਡਿਆਂ ਵਿੱਚੋਂ ਬੱਚੇ ਨਿਕਲਣ ਵਿੱਚ 5 ਤੋਂ 10 ਦਿਨ ਲੱਗਦੇ ਹਨ। ਇਹ ਸਮਾਂ ਔਸਤ ਤਾਪਮਾਨ ਉੱਪਰ ਵੀ ਨਿਰਭਰ ਕਰਦਾ ਹੈ। ਨਿਮਫ ਅਵਸਥਾ ਵਿੱਚ ਇਸ ਬੱਗ ਦੇ ਖੰਭ ਨਹੀ ਹੁੰਦੇ। ਜਦ ਇਹ ਬੱਗ ਪੌਦਿਆਂ ਉੱਪਰ ਹੁੰਦੇ ਹਨ ਤਾਂ ਇਹ ਫੁੱਲਾਂ, ਡੋਡੀਆਂ ਅਤੇ ਪੱਤਿਆਂ ਉਪਰ ਆਪਣਾ ਸ਼ਿਕਾਰ ਲੱਭਦੇ ਹਨ। ਬਾਲਗ ਆਪਣਾ ਸ਼ਿਕਾਰ ਮਿੱਟੀ ਅਤੇ ਪੌਦੇ, ਦੋਵਾਂ ਜਗਾਹ ਉੱਪਰ ਲੱਭਦੇ ਹਨ।
ਭੋਜਨ
ਇਹ ਕੀਟ ਸ਼ਰੀਰਕ ਤੌਰ ਤੇ ਜਿੰਨ੍ਹਾਂ ਛੋਟਾ ਹੁੰਦਾ ਹੈ, ਸ਼ਿਕਾਰੀ ਦੇ ਤੌਰ ਤੇ ਉਨਾਂ ਹੀ ਖੋਟਾ ਹੁੰਦਾ ਹੈ। ਇਸ ਕੀਟ ਵਿੱਚ ਉੱਪਰ-ਹੇਠਾਂ, ਆਸੇ-ਪਾਸੇ ਵੱਲ ਤੇਜੀ ਨਾਲ ਘੁੰਮਣ ਦੀ ਕਾਬਲਿਅਤ ਹੁੰਦੀ ਹੈ। ਇਸ ਗਜ਼ਬ ਦੀ ਚਾਲ ਦੇ ਕਾਰਨ ਹੀ ਇਹ ਕੀਟ ਉੱਤਮ ਕਿਸਮ ਦਾ ਸ਼ਿਕਾਰੀ ਹੁੰਦਾ ਹੈ। ਇਸ ਕੀਟ ਦੇ ਨਿਮਫ ਅਤੇ ਬਾਲਗ, ਦੋਵੇਂ ਹੀ, ਚੇਪਿਆਂ, ਚਿੱਟੀ ਮੱਖੀ/ਮੱਛਰ ਅਤੇ ਪੱਤਿਆਂ ਉੱਪਰ ਪਾਏ ਜਾਣ ਵਾਲੇ ਥ੍ਰਿਪਸ ਦਾ ਖੂਨ ਚੂਸ ਕੇ ਆਪਣਾ ਗੁਜਾਰਾ ਕਰਦੇ ਹਨ। ਇਹ ਬੱਗ ਛੋਟੀਆਂ-ਛੋਟੀਆਂ ਸੁੰਡੀਆਂ, ਮਾਈਟਸ ਅਤੇ ਪਿੱਸੂ ਬੀਟਲ ਦਾ ਵੀ ਖੂਨ ਚੂਸਦੇ ਹਨ। ਇਹ ਬੱਗ ਸੂਈ ਵਰਗੇ ਆਪਣੇ ਡੰਕ ਨਾਲ ਅਮਰੀਕਨ ਸੁੰਡੀ, ਚਿਤਕਬਰੀ ਸੁੰਡੀ, ਗੁਲਾਬੀ ਸੁੰਡੀ ਆਦਿ ਦੇ ਅੰਡਿਆਂ ਵਿੱਚੋਂ ਜੀਵਨ ਰਸ ਚੂਸਣ ਦੇ ਮਾਹਿਰ ਹੁੰਦੇ ਹਨ।
ਇਹਨਾਂ ਦੇ ਰਾਹ ਵਿੱਚ ਕੋਈ ਵੀ ਆਵੇ, ਦੋਸਤ ਜਾਂ ਦੁਸ਼ਮਨ, ਇਹਨਾਂ ਨੂੰ ਸਿਰਫ ਆਪਣਾ ਪੇਟ ਭਰਨ ਤੱਕ ਮਤਲਬ ਹੁੰਦਾ ਹੈ। ਕਪਾਹ ਦੀ ਫਸਲ ਵਿੱਚ ਮਿਲੀ ਬੱਗ ਪਾਏ ਜਾਣ ਤੇ ਇਸ ਬੱਗ ਦੇ ਬਾਲਗਾਂ ਅਤੇ ਬੱਚਿਆਂ ਦੀ ਤਾਂ ਮੌਜ ਹੋ ਜਾਂਦੀ ਹੈ।


ਮੋਇਲੀ


ਮੋਇਲੀ ਨੂੰ ਕੀਟ ਵਿਗਿਆਨਕ 1phidius ਦੇ ਨਾਮ ਨਾਲ ਜਾਣਦੇ ਹਨ। ਇਹ 8ymenoptera ਵੰਸ਼ ਨਾਲ ਸੰਬੰਧ ਰੱਖਦੇ ਹਨ ਅਤੇ  1phiidae ਪਰਿਵਾਰ ਵਿੱਚੋਂ ਹਨ। ਇਸ ਪਰਿਵਾਰ ਵਿੱਚ 1phidius ਨਾਮ ਦੀਆਂ 30 ਤੋਂ ਜ਼ਿਆਦਾ ਜਾਤੀਆਂ ਅਤੇ ਤਿੰਨ ਸੌ ਤੋਂ ਜ਼ਿਆਦਾ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਜੋ ਕੁੱਲ ਮਿਲਾ ਕੇ ਚੇਪੇ ਦੀਆਂ 40 ਤੋਂ ਜ਼ਿਆਦਾ ਪ੍ਰਜਾਤੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ।

ਪਹਿਚਾਣ
ਮੋਇਲੀ ਆਕਾਰ ਵਿੱਚ ਬਹੁਤ ਛੋਟੇ ਹੁੰਦੇ ਹਨ ਅਤੇ ਇਹਨਾਂ ਦੇ ਸ਼ਰੀਰ ਦੀ ਲੰਬਾਈ ਇੱਕ ਤੋਂ ਤਿੰਨ ਮਿਲੀਮੀਟਰ ਹੁੰਦੀ ਹੈ। ਮਾਦਾ ਕਾਲੇ ਰੰਗ ਦੀ, ਭੂਰੀਆਂ ਲੱਤਾਂ ਅਤੇ ਤਿੱਖੇ ਪੇਟ ਵਾਲੇ ਹੁੰਦੀ ਹੈ ਜਿਸਦੀ ਲੰਬਾਈ ਉਸਦੇ ਖੰਭਾਂ ਦੇ ਬਰਾਬਰ ਦੀ ਹੁੰਦੀ ਹੈ। ਨਰ ਦੇ ਐਂਟੀਨੇ ਥੋੜ੍ਹੇ  ਜਿਹੇ ਲੰਬੇ ਹੁੰਦੇ ਹਨ ਅਤੇ ਪੇਟ ਗੋਲ ਹੁੰਦਾ ਹੈ ਜੋ ਕਿ ਇਸਦੇ ਖੰਭਾਂ ਤੋਂ ਛੋਟਾ ਹੁੰਦਾ ਹੈ। ਨਰ ਦੀਆਂ ਲੱਤਾਂ ਗੂੜ੍ਹੀਆਂ  ਭੂਰੀਆਂ ਹੁੰਦੀਆਂ ਹਨ।
ਜੀਵਨ ਚੱਕਰ
ਇਸਦਾ ਜੀਵਨ ਕਾਲ ਆਮ ਤੌਰ ਤੇ 28 ਤੋਂ 30 ਦਿਨ ਦਾ ਹੁੰਦਾ ਹੈ। ਸਹਿਵਾਸ ਤੋਂ ਬਾਅਦ ਮੋਇਲੀ ਮਾਦਾ ਆਪਣੀ 14-15 ਦਿਨ ਦੀ ਬਾਲਗ ਅਵਸਥਾ ਵਿੱਚ ਇੱਕ-ਇੱਕ ਕਰਕੇ 200 ਤੋਂ ਜ਼ਿਆਦਾ ਅੰਡੇ ਚੇਪੇ ਦੇ ਸ਼ਰੀਰ ਵਿੱਚ ਦਿੰਦੀ ਹੈ। ਅੰਡੇ ਦੇਣ ਦੇ ਲਈ ਉਚਿਤ 200 ਚੇਪੇ ਲੱਭ ਲੈਣਾ ਹੀ ਮੋਇਲੀ ਮਾਦਾ ਦੀ ਪ੍ਰਜਣਨ ਸਫਲਤਾ ਮੰਨੀ ਜਾਂਦੀ ਹੈ। ਪਰ ਇਹ ਕੰਮ ਇਨ੍ਹਾਂ ਆਸਾਨ ਨਹੀ ਹੈ। ਇਸਦੇ ਲਈ ਮਾਦਾ ਨੂੰ ਚੇਪੇ ਨੂੰ ਖੂਬ ਉਲਟ-ਪਲਟ ਕੇ ਜਾਂਚਣਾ ਪੈਂਦਾ ਹੈ। ਅੰਡੇ ਦੇਣ ਦੇ ਲਈ ਯੋਗ ਪਾਏ ਜਾਣ ਤੇ ਹੀ ਇਹ ਆਪਣਾ ਅੰਡਾ ਚੇਪੇ ਦੇ ਸ਼ਰੀਰ ਵਿੱਚ ਦਿੰਦੀ ਹੈ। ਅੰਡੇ ਵਿੱਚੋਂ ਲਾਰਵਾ ਦੇ ਨਿਕਲਣ ਤੇ ਇਹ ਚੇਪੇ ਨੂੰ ਅੰਦਰੋਂ ਖਾਣਾ ਸ਼ੁਰੂ ਕਰ ਦਿੰਦਾ ਹੈ। ਚੇਪੇ ਦੇ ਸ਼ਰੀਰ ਨੂੰ ਅੰਦਰੋਂ-ਅੰਦਰ ਖਾਂਦੇ ਰਹਿਣ ਕਰਕੇ ਲਾਰਵਾ ਪੂਰਾ ਵਿਕਸਿਤ ਹੋ ਕੇ ਚੇਪੇ ਦੇ ਸ਼ਰੀਰ ਅੰਦਰ ਹੀ ਪਿਊਪਾ ਅਵਸਥਾ ਵਿੱਚ ਚਲਾ ਜਾਂਦਾ ਹੈ। ਪੇਟ ਵਿੱਚ ਮੋਇਲੀ ਦੇ ਲਾਰਵਾ ਦੇ ਆਉਣ ਤੇ ਚੇਪੇ ਦਾ ਰੰਗ-ਢੰਗ ਬਦਲਣ ਲੱਗਦਾ ਹੈਰੰਗ ਬਾਦਾਮੀ ਜਾਂ ਸੁਨਹਿਰਾ ਹੋ ਜਾਂਦਾ ਹੈ ਅਤੇ ਸ਼ਰੀਰ ਫੁੱਲ ਕੇ ਕੁੱਪਾ ਹੋ ਜਾਂਦਾ ਹੈ। ਇਸੇ ਕੁੱਪੇ ਵਿੱਚ ਗੋਲ ਸੁਰਾਖ਼ ਕਰਕੇ ਇੱਕ ਦਿਨ ਮੋਇਲੀ ਦਾ ਬਾਲਗ ਆਪਣਾ ਸੁੰਤੰਤਰ ਜੀਵਨ ਜਿਉਣ ਦੇ ਲਈ ਬਾਹਰ ਆਉਂਦਾ ਹੈ। ਅੰਡੇ ਤੋਂ ਬਾਲਗ ਦੇ ਰੂਪ ਵਿੱਚ ਵਿਕਸਿਤ ਹੋਣ ਦੇ ਲਈ ਇਸਨੂੰ 14-15 ਦਿਨ ਤੱਕ ਦਾ ਸਮਾਂ ਲੱਗਦਾ ਹੈ ਅਤੇ ਚੇਪੇ ਨੂੰ ਮਿਲਦੀ ਹੈ ਸਿਰਫ ਮੌਤ।