Monday, January 23, 2012

ਮੁਫਤ ਦੇ ਕੀਟਨਾਸ਼ਕ - ਲੇਡੀ ਬੀਟਲ

ਮਿਲੀ ਬੱਗ,ਤੇਲੇ ਅਤੇ ਚੇਪੇ ਦੀ ਕੁਸ਼ਲ ਸ਼ਿਕਾਰੀ ਜਾਣੀ ਜਾਣ ਵਾਲੀ ਲੇਡੀ ਬੀਟਲ ਕੌਕਸੀਨੋਲਿਡਸ


ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਲੇਡੀ ਬੀਟਲ ਦੇ ਬਾਲਗ ਅਤੇ ਬੱਚੇ ਦੋਵੇਂ ਹੀ ਮਾਸਾਹਾਰੀ ਹਨ। ਪੰਜਾਬ ਵਿੱਚ ਇਹ ਰੱਬ ਦੀ ਗਾਂ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਅਤੇ ਬੱਚੇ ਇਸ ਨੂੰ ਫੇਲ-ਪਾਸ ਦੇ ਨਾਮ ਨਾਲ ਵੀ ਜਾਣਦੇ ਹਨ। ਵਿਗਿਆਨਕ ਇਸ ਨੂੰ ਲੇਡੀ ਬਰਡ ਬੀਟਲ ਜਾਂ ਲੇਡੀ ਬੀਟਲ ਕਹਿੰਦੇ ਹਨ। ਇਹ 0.04 ਤੋ 0.4 ਇੰਚ ਤੱਕ ਲੰਬੇ, ਕਾਲੀਆਂ ਲੱਤਾ ਵਾਲੇ, ਇੱਕ ਐਂਟੀਨਾ ਅਤੇ ਲਾਲ, ਪੀਲੇ ਅਤੇ ਸੰਤਰੀ ਰੰਗ ਦੇ ਖੰਭਾ, ਜਿਨ੍ਹਾਂ  ਉੱਪਰ ਕਾਲੇ ਰੰਗ ਦੀਆਂ ਬਿੰਦੀਆਂ ਵਰਗੇ ਨਿਸ਼ਾਨ ਹੁੰਦੇ ਹਨ, ਵਾਲੇ ਛੋਟੇ ਕੀਟ ਹਨ। ਇਹਨਾਂ ਦੇ ਖੰਭਾ ਦੀ ਚਮਕ ਚੂੜੀਆਂ ਵਾਂਗ ਲੱਗਦੀ ਹੈ। ਲੇਡੀ ਬੀਟਲ ਦੀਆਂ ਅਲੱਗ-ਅਲੱਗ ਕਿਸਮਾਂ ਦੇ ਬਾਲਗ ਅਤੇ ਬੱਚੇ ਜਨਮਜਾਤ ਮਾਸਾਹਾਰੀ ਹੁੰਦੇ ਹਨ। ਇਹਨਾ ਦੇ ਭੋਜਨ ਵਿੱਚ ਕੀਟਾ ਦੇ ਅੰਡੇ, ਤੇਲਾ, ਚੇਪਾ, ਛੋਟੀਆਂ ਸੁੰਡੀਆਂ, ਮਿਲੀ ਬੱਗ ਅਤੇ ਸਫੇਦ ਮੱਖੀ ਸ਼ਾਮਿਲ ਹਨ। ਇਹ ਕੁਦਰਤ ਵੱਲੋਂ ਕਿਸਾਨ ਨੂੰ ਬਖਸ਼ੇ ਬੇਹਤਰੀਨ ਕਿਸਮ ਦੇ ਕੀਟਨਾਸ਼ੀ ਹਨ। ਜੇਕਰ ਇਹ ਸਾਡੇ ਖੇਤ ਵਿੱਚ ਹੋਣ ਤਾਂ ਕਿਸਾਨਾਂ ਦੇ ਕੀਟਨਾਸ਼ਕਾ ਉੱਪਰ ਹੋਣ ਵਾਲੇ ਖ਼ਰਚ ਨੂੰ ਘਟਾ ਸਕਦੀਆਂ ਹਨ ਅਤੇ ਨਾਲ ਹੀ ਕੀਟਨਾਸ਼ਕਾ ਦੇ ਹਾਨੀਕਾਰਕ ਪ੍ਰਭਾਵਾ ਤੋਂ ਕਿਸਾਨ ਵੀਰ ਖ਼ੁਦ ਵੀ ਬਚ ਸਕਦੇ ਹਨ ਅਤੇ ਹੋਰਾਂ ਨੂੰ ਵੀ ਬਚਾ ਸਕਦੇ ਹਨ।
ਭੋਜਨ ਦੀਆਂ ਆਦਤਾਂ : ਬਾਲਗ ਅਤੇ ਲਾਰਵਾ ਸ਼ਿਕਾਰੀ ਹੁੰਦੇ ਹਨ ਅਤੇ ਕੀਟਾਂ ਨੂੰ ਖਾਂਦੇ ਹਨ। ਇਹ ਚੇਪੇ, ਸਕੇਲ ਕੀਟ, ਸਫੇਦ ਮੱਖੀਆਂ ਅਤੇ ਮਿਲੀ ਬੱਗ ਨੂੰ ਖਾਂਦੇ ਹਨ।
ਜਿੰਦਗੀ ਦੀਆਂ ਅਵਸਥਾਵਾਂ:
ਬਾਲਗ - ਬਾਲਗ ਲੇਡੀ ਬਰਡ ਬੀਟਲ ਚਮਕੀਲੇ ਲਾਲ, ਪੀਲੇ ਕਾਲੀਆਂ ਧਾਰੀਆਂ ਜਾਂ ਬਿੰਦੀਆਂ ਰੰਗ ਦੇ ਅੰਡਾਕਾਰ ਸ਼ਰੀਰ ਵਾਲੇ ਹੁੰਦੇ ਹਨ। ਜਦੋਂ ਇਹਨਾਂ ਨੂੰ ਛੇੜਿਆ ਜਾਂਦਾ ਹੈ ਤਾਂ ਇਹ ਦੂਜੇ ਸ਼ਿਕਾਰੀਆਂ ਤੋਂ ਆਪਣਾ ਬਚਾਓ ਕਰਨ ਲਈ ਬੜੀ ਤੋਜ਼ ਗੰਧ ਵਾਲਾ ਪੀਲੇ ਰੰਗ ਦਾ ਤਰਲ ਛੱਡਦੀਆਂ ਹਨ।
ਅੰਡੇ - ਇਹ ਪੱਤਿਆਂ ਦੇ ਹੇਠਲੇ ਪਾਸੇ ਜਾਂ ਚੇਪਿਆਂ ਦੀ ਕਲੋਨੀ ਦੇ ਨੇੜੇ 10 ਤੋ 50 ਅੰਡਿਆਂ ਦੇ ਗੁੱਛੇ ਵਿੱਚ ਅੰਡੇ ਦਿੰਦੀਆਂ ਹਨ।
ਲਾਰਵਾ - ਅੰਡੇ ਵਿੱਚੋਂ ਨਿਕਲੇ ਨਵੇਂ ਲਾਰਵੇ ਸੁਰਮਈ ਰੰਗ ਦੇ ਜਾਂ ਕਾਲੇ ਰੰਗ ਦੇ ਹੁੰਦੇ ਹਨ ਅਤੇ
4 ਮਿਲੀਮੀਟਰ ਤੋ ਘੱਟ ਲੰਬੇ ਹੁੰਦੇ ਹਨ। ਉਹ ਘੜਿਆਲ ਵਾਂਗ ਦਿਸਦੇ ਹਨ ਅਤੇ ਉਹਨਾਂ ਦੇ ਸ਼ਰੀਰ ਉੱਪਰ ਨੀਲੇ ਅਤੇ ਚਮਕੀਲੇ ਪੀਲੇ ਜਾਂ ਸੰਤਰੀ ਰੰਗ ਦੇ ਨਿਸ਼ਾਨ ਅਤੇ ਕੰਡੇ ਹੁੰਦੇ ਹਨ।  ਇਹਨਾਂ ਦੇ ਵੱਡੇ ਤਿਖੇ ਜਬਾੜੇ ਹੁੰਦੇ ਹਨ ਅਤੇ ਆਪਣੇ ਬਾਲਗਾਂ ਵਾਂਗ ਛੋਟੇ ਕੀਟਾਂ ਨੂੰ ਖਾਂਦੇ ਹਨ। ਕਿਉਂਕਿ ਇਹ ਡਰਾਉਣਾ ਜਿਹਾ ਦਿਖਦਾ ਹੈ ਇਸਲਈ ਕਿਸਾਨ ਅਕਸਰ ਇਸੇ ਨੂੰ ਦੁਸ਼ਮਣ ਸਮਝ ਕੇ ਕੀਟਨਾਸ਼ਕ ਜ਼ਹਿਰਾਂ ਛਿੜਕ ਕੇ ਖ਼ਤਮ ਕਰ ਦਿੰਦੇ ਹਨ ਅਤੇ ਫ਼ਸਲ ਦੇ ਦੁਸ਼ਮਣ ਕੀੜਿਆਂ ਲਈ ਫ਼ਸਲ ਖਾਣ ਦਾ ਰਾਹ ਪੱਧਰਾ ਕਰ ਦਿੰਦੇ ਹਨ।
ਪਿਊਪਾ - ਪਿਊਪਾ ਦੀ ਅਵਸਥਾ ਵਿੱਚ ਇਹ ਪੱਤਿਆਂ ਉੱਪਰ ਜਾਂ ਪੌਦਿਆਂ ਦੇ ਤਣੇ ਉੱਤੇ ਰਹਿੰਦੇ ਹਨ।

ਇਹ ਚੇਪਿਆ ਦੇ ਸ਼ਿਕਾਰੀ ਦੇ ਰੂਪ ਵਿੱਚ ਪ੍ਰਸਿੱਧ ਹਨ ਅਤੇ ਇੱਕ ਦਿਨ ਵਿੱਚ 50 ਤੋ 60 ਅਤੇ ਪੂਰੀ ਜਿੰਦਗੀ ਵਿੱਚ 5000 ਚੇਪੇ ਖਾ ਜਾਂਦੀ ਹੈ।


ਸੋ ਕਿਸਾਨ ਭਰਾਵੋ! ਸਾਡੇ ਆਪਣੇ ਖੇਤਾ ਵਿੱਚ ਹੀ ਕੁਦਰਤੀ ਕੀਟਨਾਸ਼ਕ ਮਿੱਤਰ ਕੀਟਾਂ ਦੇ ਰੂਪ ਵਿੱਚ ਮੌਜ਼ੂਦ ਹਨ, ਜ਼ਰੂਰਤ ਹੈ ਤਾਂ ਸਿਰਫ ਇਹਨਾਂ ਨੂੰ ਪਛਾਣਨ ਦੀ ਅਤੇ ਇਹਨਾਂ ਨਾਲ ਦੋਸਤੀ ਕਰਨ ਦੀ।
ਅੰਤ ਵਿਚ ਮੈ ਧਨਵਾਦੀ ਹਾਂ ਡਾਕਟਰ ਸੁਰੇਂਦਰ ਦਲਾਲ ਜੀ ਦੀ ਅਤੇ ਡਾਕਟਰ ਰਾਮੂ ਜੀ ਦੀ ਜਿੰਨਾ ਤੋ  ਮੈ  ਕੀਟਾ ਬਾਰੇ ਸਿਖਿਆ।

No comments:

Post a Comment

Thanks for your feedback....